ਕੁਰਬਲ-ਕੁਰਬਲ
===========
ਹੁਣ ਕਿਸੇ ਪਛਤਾਵੇ
ਕਿਸੇ ਅਫ਼ਸੋਸ ਦਾ ਵੇਲਾ ਨਹੀ
ਪੁਰਾਣੇ ਅਹਿਦਨਾਮੇ ਮਨਸੂਖ਼ ਹੋਏ
ਅੱਜ ਦੀ ਰਾਤ
ਗੁਨਾਹ ਦੀ ਆਖਰੀ ਰਾਤ ਹੈ
ਅੱਜ ਦੀ ਰਾਤ
ਵਜੂਦ ਦੇ ਹਰ ਗੁਨਾਹ ਦਾ
ਕਫ਼ਾਰਾ ਕੀਤਾ ਜਾਏਗਾ।
ਅਸੀਂ ਆਪਣੇ ਆਪ ਨੂੰ ਮਰਨ ਨਹੀਂ ਦਿਆਂਗੇ
ਪਰ ਅਸੀਂ ਇਨ੍ਹਾਂ ਮੋਇਆਂ ਦੀ ਤਰਾਂ ਜਿੰਦਾ ਵੀ ਨਹੀ ਰਹਾਂਗੇ
ਮੋਇਆਂ ਦੀ ਇਸ ਵਾਦੀ ਨੂੰ
ਅਸੀਂ ਤੇਜ਼ੀ ਨਾਲ ਪਾਰ ਕਰ ਜਾਵਾਂਗੇ
ਤੇ ਅੱਗੇ ਵੱਧ ਇਸਤਕਬਾਲ ਕਰਾਂਗੇ
ਉਸ ਸੱਜਰੀ ਸਵੇਰ ਦਾ
ਕਿ ਜਿਸਦਾ ਵਾਅਦਾ ਹੈ
ਕਿ ਜਿਸਦਾ ਇਕਰਾਰ ਹੈ।
ਪਰ, ਕਿਉਂ ਇਹ ਪਾਗਲ ਫ਼ਿਲਾਸਫ਼ਰ
ਸਾਡਾ ਰਾਹ ਡੱਕੀਂ ਖਲੋਤੇ ਨੇ!
ਕਿਉਂ ਇਨ੍ਹਾਂ ਨੂੰ ਸਾਡੀ ਮੌਤ ਅਜੀਜ਼ ਹੈ?
ਤੇ ਕਿਉਂ ਹਰ ਮੌਤ ਵਿਚ, ਇਨ੍ਹਾਂ ਨੂੰ
ਆਪਣੀ ਨਜ਼ਾਤ ਨਜ਼ਰ ਆਉਂਦੀ ਹੈ?
ਨੀਟਸ਼ੇ ਦਾ ਰੱਬ ਚਿਰੋਕਾ ਮਰ ਚੁੱਕਾ ਹੈ
ਤੇ ਕਾਮੂੰ ਦੇ ਆਦਮ ਨੇ ਵੀ ਕਦੋਂ ਦੀ ਖ਼ੁਦਕੁਸ਼ੀ ਕਰ ਲਈ ਹੈ
ਇਨ੍ਹਾਂ ਲਈ ਹੁਣ ਜੋ ਬਾਕੀ ਬਚਦਾ ਹੈ
ਉਹ ਸਭ ਕੁਰਬਲ-ਕੁਰਬਲ ਹੈ।
ਬਹੁਤ ਉਡੀਕ ਲਿਆ ਹੈ ਅਸੀਂ
ਹੁਣ ਅਸੀਂ ਕਿਸੇ ‘ਗੋਦੋ’ ਦੀ ਆਮਦ ਦੇ ਵੀ ਮੁਥਾਜ ਨਹੀਂ
ਸਾਨੂੰ ਕੋਈ ਫ਼ਰਕ ਨਹੀਂ ਪੈਂਦਾ
ਉਸਦੇ ਆਉਣ ਜਾਂ ਨਾ-ਆਉਣ ਦਾ
ਉਸਦੇ ਹੋਣ ਜਾਂ ਨਾ-ਹੋਣ ਦਾ
ਹੁਣ ਤਾਂ ਸਾਨੂੰ ਬਸ ਇੰਤਜ਼ਾਰ ਹੈ
ਕੱਲ ਉਗਮਨ ਵਾਲੇ ਸੂਰਜ ਦਾ
ਕਿ ਜਿਸਦਾ ਵਾਅਦਾ ਹੈ
ਕਿ ਜਿਸਦਾ ਇਕਰਾਰ ਹੈ।
ਸਾਰੇ ਅਹਿਦਨਾਮੇ ਮਨਸੂਖ਼ ਹੋਏ
ਅੱਜ ਦੀ ਰਾਤ
ਗੁਨਾਹ ਦੀ ਆਖਰੀ ਰਾਤ ਹੈ
ਅੱਜ ਦੀ ਰਾਤ
ਵਜੂਦ ਦੇ ਹਰ ਗੁਨਾਹ ਦਾ
ਕਫ਼ਾਰਾ ਕੀਤਾ ਜਾਏਗਾ।
-ਸਮਰਬਲਦੇਵ ਧਾਲੀਵਾਲ