ਨਾਸੂਰ
=====
ਇਕ ਲਾਇਲਾਜ
ਨਾਮੁਰਾਦ ਰੋਗ ਬਣ
ਪਨਪ ਰਹੀ ਹੈਂ ਤੂੰ
ਮੇਰੇ ਅੰਦਰ, ਕਿਧਰੇ,
ਮੇਰੀ ਖਲਾਸੀ ਤੋਂ ਮੁਨਕਰ।
ਕਸੂਰ ਮੇਰਾ ਵੀ ਹੈ
ਜਿਸ, ਇਹ ਹੱਕ ਦਿੱਤਾ, ਤੈਨੂੰ,
ਕਿ ਤੂੰ ਕਰ ਸਕੇਂ ਘੁਸਪੈਠ
ਮੇਰੀ ਹੋਂਦ ਦੀਆਂ
ਅੰਤਰੀਵ ਗਹਿਰਾਈਆਂ ਤੱਕ
ਤੇ ਬਣ ਜਾਵੇਂ ਹਿੱਸਾ, ਅਣਿੱਖੜਵਾਂ,
ਮੇਰੇ ਹੀ ਵਜੂਦ ਦਾ।
ਰਾਤ ਦੇ
ਔਣੇ-ਪੌਣੇ ਪਹਿਰੀਂ
ਤੇਰੇ ਵੱਲੋਂ ਬਖਸ਼ੀਆਂ
ਇਹ ਜਾਨਲੇਵਾ ਬੇਚੈਨੀਆਂ
ਆਪਣੀ ਚਰਮ-ਸੀਮਾ’ਤੇ ਪੁੱਜ
ਮੇਰੀ ਹਸਤੀ ਦੇ ਧਰਾਤਲ’ਤੇ
ਰਚਦੀਆਂ ਨੇ ਤਾਂਡਵ, ਅਤਿ-ਘਿਨੌਣੇ
ਤੇ ਕਰ ਸੁੱਟਦੀਆਂ ਨੇ ਖੇਰੂੰ-ਖੇਰੂੰ
ਮੇਰੇ ਅਸਤੱਤਵੀ ਖ਼ਾਬਾਂ ਦਾ
ਹਰ ਰੇਤ-ਮਹਿਲ।
ਇਕ ਨਾਸੂਰ ਬਣ
ਪਨਪ ਰਹੀ ਹੈਂ ਤੂੰ
ਮੇਰੇ ਅੰਦਰ, ਕਿਧਰੇ,
ਮੇਰੀ ਖਲਾਸੀ ਤੋਂ ਮੁਨਕਰ।
-ਸਮਰਬਲਦੇਵ ਧਾਲੀਵਾਲ