ਮਿੱਠੜੇ ਬੁੱਲ੍ਹਾਂ ਵਾਲੀ ਮਹਿਬੂਬਾ
=================
ਮੈਂ ਤੈਂਨੂੰ ਆਪਣਾ ਗੀਤ ਬਣਾਉਣਾ ਲੋਚਦਾ ਹਾਂ
ਐ ਮੇਰੀ! ਮਿੱਠੜੇ ਬੁੱਲ੍ਹਾਂ ਵਾਲੀ ਮਹਿਬੂਬਾ
ਤੇਰੀ ਹਰ ਮਲੂਕ ਨਾਜ਼ੋ-ਅਦਾ ਨੂੰ
ਸਮੇਟਣਾ ਚਾਹੁੰਦਾ ਹਾਂ
ਆਪਣੀ ਕਵਿਤਾ ਵਿਚ
ਯਾਦ ਹੈ ਤੈਨੂੰ?
ਤਾਰਿਆਂ ਭਰੀ ਠੰਡੀ-ਮਿੱਠੜੀ ਰਾਤ ਦਾ
ਆਪਣਾ ਪਹਿਲਾ ਮਿਲਣ?
ਤੂੰ ਕਿਵੇਂ, ਤਮਾਮ ਰਾਤ
ਭਰੇ ਹੋਏ ਦਰਿਆ ਵਾਂਗ, ਵਲ ਖਾਂਦੀ
ਕਦੀ ਨੇੜੇ, ਕਦੀ ਦੂਰ ਹੁੰਦੀ ਰਹੀ।
ਕਿਵੇਂ ਆਪਣੇ ਆਪ’ਚ
ਸਹਿਮ-ਸੁੰਗੜ ਰਹੀ ਸੈਂ ਤੂੰ।
ਜਿਵੇਂ ਕੋਈ ਨਵ-ਅੰਕੁਰਿਤ ਬੀਜ
ਮੁੜ ਧਰਤੀ ਦੀਆਂ ਗਹਿਰਾਈਆਂ’ਚ
ਉਤਰ ਜਾਣਾ ਲੋਚਦਾ ਹੋਵੇ।
ਜਿਵੇਂ ਦਰੱਖਤ ਨਾਲ ਲਿਪਟੀ ਵੇਲ
ਦਰਖਤ ਦੇ ਅੰਦਰ
ਸਮਾ ਜਾਣਾ ਲੋਚਦੀ ਹੋਵੇ।
ਯਾਦ ਹੈ ਮੈਨੂੰ
ਕਿ ਕਿਵੇਂ ਮੇਰੀ ਪਹਿਲੀ ਛੂਹ ਨਾਲ
ਤੇਰਾ ਚਿਹਰਾ, ਰੁੱਤਾਂ ਦੇ ਬਦਲਣ ਵਾਂਗ
ਕੇਸੂਏ ਰੰਗ ਦਾ ਹੋ ਗਿਆ ਸੀ।
ਪਰ ਉਸ ਰਾਤ ਸਮਾਂ
ਸਾਡੇ ਨਾਲ ਵੈਰ ਨਿਭਾ ਰਿਹਾ ਸੀ
ਤੇ ਘੜੀ ਦੀਆਂ ਸੂਈਆਂ
ਭੂਤਰੇ ਸਾਨ੍ਹਾਂ ਵਾਂਗ
ਇਕ ਦੂਜੇ ਦਾ ਪਿੱਛਾ ਕਰ ਰਹੀਆਂ ਸਨ।
ਮੈਂ ਉਸ ਰਾਤ ਦੇ
ਹਰ ਇਕ ਪਲ ਨੂੰ
ਡੀਕ ਜਾਣਾ ਚਾਹੁੰਦਾ ਸਾਂ
ਤੇ ਉਤਾਰ ਲੈਣਾ ਚਾਹੁੰਦਾਂ ਸਾਂ ਤੈਨੂੰ
ਆਪਣੇ ਵਜੂਦ ਦੀਆਂ
ਅੰਤਰੀਵ ਗਹਿਰਾਈਆਂ ਤੱਕ
ਮੈਂ ਤੈਨੂੰ, ਅੱਜ ਵੀ
ਆਪਣਾ ਗੀਤ ਬਣਾਉਣਾ ਲੋਚਦਾ ਹਾਂ
ਐ ਮੇਰੀ! ਮਿੱਠੜੇ ਬੁੱਲ੍ਹਾਂ ਵਾਲੀ ਮਹਿਬੂਬਾ।
-ਸਮਰਬਲਦੇਵ ਧਾਲੀਵਾਲ