ਅ ਸਾਇਲੰਟ ਵਿਸ੍ਹਪਰ
=============
ਮੁੜ ਉਤਰ ਆਈ, ਕਾਲੀ
ਹਨੇਰ ਸੰਘਣੀਂ ਰਾਤ
ਫ਼ਿਰ ਮੌਤ ਦੀ ਘੂਕਰ
ਸੁੱਤਾ ਹੈ ਸਾਰਾ ਸ਼ਹਿਰ
ਅੱਜ ਫ਼ਿਰ ਹੈ, ਚੁਣੀਂਦਾ
ਗਲੀਆਂ’ਚੋਂ ਗੁਜ਼ਰਨ ਦੀ ਮਨਾਹੀ
ਤੇ ਸ਼ਹਿਰ ਦੀ ਇਕ,
ਅਣਹੋਈ ਨੁੱਕਰੇ,
ਨਵ-ਉਦਘਾਟਣੇ ਪੁੱਲ ਹੇਠ, ਪਲ-ਪਲ
ਗੂੜ੍ਹੀ ਹੋ ਰਹੀ
ਸਦੀਆਂ ਦੀ ਭੁੱਖ ਤੇ ਪਿਆਸ
ਤੇ ਨਾਲ ਹੀ
ਰਚੀ ਜਾ ਰਹੀ, ਕਿਧਰੇ,
‘ਨ੍ਹੇਰੇ ਦੇ ਗਰਭ’ਚੋਂ, ਸੂਰਜ
ਚੋਰੀ ਕਰਨ ਦੀ ਸਾਜਿਸ਼
ਤੇ ਚੱਲ ਰਹੀ ਨਾਲ ਹੀ
ਭੁੱਖ ਤੇਹ ਦੇ ਅੰਤ ਦੀ
ਅੱਲ੍ਹੜ-ਬੱਲ੍ਹੜੀ ਗੱਲ ਕਿਧਰੇ
ਕਿ ਯੁੱਗਾਂ’ਤੋਂ ਪਥਰਾਏ ਕੰਨ
ਸੁਣਦੇ ਨੇ, ਅਚਾਨਕ,
ਇਹ ਸਾਜਿਸ਼ੀ ਫ਼ੁਸਫ਼ੁਸਾਹਟ,
‘ਕਿ ਕਿਉਂ ਨਾ ਅੱਜ, ਲੱਗਦੇ ਹੱਥ,
ਸਮੇਂ ਦੀ ਮਰਦਾਨਗੀ ਨੂੰ ਵੀ
ਪਰਖ ਲਿਆ ਜਾਵੇ।’
-ਸਮਰਬਲਦੇਵ ਧਾਲੀਵਾਲ