ਕੁਰਬਲ-ਕੁਰਬਲ

ਕੁਰਬਲ-ਕੁਰਬਲ
===========
ਹੁਣ ਕਿਸੇ ਪਛਤਾਵੇ
ਕਿਸੇ ਅਫ਼ਸੋਸ ਦਾ ਵੇਲਾ ਨਹੀ
ਪੁਰਾਣੇ ਅਹਿਦਨਾਮੇ ਮਨਸੂਖ਼ ਹੋਏ
ਅੱਜ ਦੀ ਰਾਤ
ਗੁਨਾਹ ਦੀ ਆਖਰੀ ਰਾਤ ਹੈ
ਅੱਜ ਦੀ ਰਾਤ
ਵਜੂਦ ਦੇ ਹਰ ਗੁਨਾਹ ਦਾ
ਕਫ਼ਾਰਾ ਕੀਤਾ ਜਾਏਗਾ।

ਅਸੀਂ ਆਪਣੇ ਆਪ ਨੂੰ ਮਰਨ ਨਹੀਂ ਦਿਆਂਗੇ
ਪਰ ਅਸੀਂ ਇਨ੍ਹਾਂ ਮੋਇਆਂ ਦੀ ਤਰਾਂ ਜਿੰਦਾ ਵੀ ਨਹੀ ਰਹਾਂਗੇ
ਮੋਇਆਂ ਦੀ ਇਸ ਵਾਦੀ ਨੂੰ
ਅਸੀਂ ਤੇਜ਼ੀ ਨਾਲ ਪਾਰ ਕਰ ਜਾਵਾਂਗੇ
ਤੇ ਅੱਗੇ ਵੱਧ ਇਸਤਕਬਾਲ ਕਰਾਂਗੇ
ਉਸ ਸੱਜਰੀ ਸਵੇਰ ਦਾ
ਕਿ ਜਿਸਦਾ ਵਾਅਦਾ ਹੈ
ਕਿ ਜਿਸਦਾ ਇਕਰਾਰ ਹੈ।

ਪਰ, ਕਿਉਂ ਇਹ ਪਾਗਲ ਫ਼ਿਲਾਸਫ਼ਰ
ਸਾਡਾ ਰਾਹ ਡੱਕੀਂ ਖਲੋਤੇ ਨੇ!
ਕਿਉਂ ਇਨ੍ਹਾਂ ਨੂੰ ਸਾਡੀ ਮੌਤ ਅਜੀਜ਼ ਹੈ?
ਤੇ ਕਿਉਂ ਹਰ ਮੌਤ ਵਿਚ, ਇਨ੍ਹਾਂ ਨੂੰ
ਆਪਣੀ ਨਜ਼ਾਤ ਨਜ਼ਰ ਆਉਂਦੀ ਹੈ?
ਨੀਟਸ਼ੇ ਦਾ ਰੱਬ ਚਿਰੋਕਾ ਮਰ ਚੁੱਕਾ ਹੈ
ਤੇ ਕਾਮੂੰ ਦੇ ਆਦਮ ਨੇ ਵੀ ਕਦੋਂ ਦੀ ਖ਼ੁਦਕੁਸ਼ੀ ਕਰ ਲਈ ਹੈ
ਇਨ੍ਹਾਂ ਲਈ ਹੁਣ ਜੋ ਬਾਕੀ ਬਚਦਾ ਹੈ
ਉਹ ਸਭ ਕੁਰਬਲ-ਕੁਰਬਲ ਹੈ।

ਬਹੁਤ ਉਡੀਕ ਲਿਆ ਹੈ ਅਸੀਂ
ਹੁਣ ਅਸੀਂ ਕਿਸੇ ‘ਗੋਦੋ’ ਦੀ ਆਮਦ ਦੇ ਵੀ ਮੁਥਾਜ ਨਹੀਂ
ਸਾਨੂੰ ਕੋਈ ਫ਼ਰਕ ਨਹੀਂ ਪੈਂਦਾ
ਉਸਦੇ ਆਉਣ ਜਾਂ ਨਾ-ਆਉਣ ਦਾ
ਉਸਦੇ ਹੋਣ ਜਾਂ ਨਾ-ਹੋਣ ਦਾ
ਹੁਣ ਤਾਂ ਸਾਨੂੰ ਬਸ ਇੰਤਜ਼ਾਰ ਹੈ
ਕੱਲ ਉਗਮਨ ਵਾਲੇ ਸੂਰਜ ਦਾ
ਕਿ ਜਿਸਦਾ ਵਾਅਦਾ ਹੈ
ਕਿ ਜਿਸਦਾ ਇਕਰਾਰ ਹੈ।

ਸਾਰੇ ਅਹਿਦਨਾਮੇ ਮਨਸੂਖ਼ ਹੋਏ
ਅੱਜ ਦੀ ਰਾਤ
ਗੁਨਾਹ ਦੀ ਆਖਰੀ ਰਾਤ ਹੈ
ਅੱਜ ਦੀ ਰਾਤ
ਵਜੂਦ ਦੇ ਹਰ ਗੁਨਾਹ ਦਾ
ਕਫ਼ਾਰਾ ਕੀਤਾ ਜਾਏਗਾ।

-ਸਮਰਬਲਦੇਵ ਧਾਲੀਵਾਲ

ਨਾਸੂਰ

ਨਾਸੂਰ
=====
ਇਕ ਲਾਇਲਾਜ
ਨਾਮੁਰਾਦ ਰੋਗ ਬਣ
ਪਨਪ ਰਹੀ ਹੈਂ ਤੂੰ
ਮੇਰੇ ਅੰਦਰ, ਕਿਧਰੇ,
ਮੇਰੀ ਖਲਾਸੀ ਤੋਂ ਮੁਨਕਰ।

ਕਸੂਰ ਮੇਰਾ ਵੀ ਹੈ
ਜਿਸ, ਇਹ ਹੱਕ ਦਿੱਤਾ, ਤੈਨੂੰ,
ਕਿ ਤੂੰ ਕਰ ਸਕੇਂ ਘੁਸਪੈਠ
ਮੇਰੀ ਹੋਂਦ ਦੀਆਂ
ਅੰਤਰੀਵ ਗਹਿਰਾਈਆਂ ਤੱਕ
ਤੇ ਬਣ ਜਾਵੇਂ ਹਿੱਸਾ, ਅਣਿੱਖੜਵਾਂ,
ਮੇਰੇ ਹੀ ਵਜੂਦ ਦਾ।

ਰਾਤ ਦੇ
ਔਣੇ-ਪੌਣੇ ਪਹਿਰੀਂ
ਤੇਰੇ ਵੱਲੋਂ ਬਖਸ਼ੀਆਂ
ਇਹ ਜਾਨਲੇਵਾ ਬੇਚੈਨੀਆਂ
ਆਪਣੀ ਚਰਮ-ਸੀਮਾ’ਤੇ ਪੁੱਜ
ਮੇਰੀ ਹਸਤੀ ਦੇ ਧਰਾਤਲ’ਤੇ
ਰਚਦੀਆਂ ਨੇ ਤਾਂਡਵ, ਅਤਿ-ਘਿਨੌਣੇ
ਤੇ ਕਰ ਸੁੱਟਦੀਆਂ ਨੇ ਖੇਰੂੰ-ਖੇਰੂੰ
ਮੇਰੇ ਅਸਤੱਤਵੀ ਖ਼ਾਬਾਂ ਦਾ
ਹਰ ਰੇਤ-ਮਹਿਲ।

ਇਕ ਨਾਸੂਰ ਬਣ
ਪਨਪ ਰਹੀ ਹੈਂ ਤੂੰ
ਮੇਰੇ ਅੰਦਰ, ਕਿਧਰੇ,
ਮੇਰੀ ਖਲਾਸੀ ਤੋਂ ਮੁਨਕਰ।

-ਸਮਰਬਲਦੇਵ ਧਾਲੀਵਾਲ

ਨਵਾਂ ਗੀਤ

ਨਵਾਂ ਗੀਤ

ਤਵੱਕੋ:

ਤੂੰ ਮੇਰੇ ਤੋਂ ਨਵੇਂ ਗੀਤ ਦੀ ਤਵੱਕੋ ਰੱਖਦਾ ਹੈਂ, ਮੇਰੇ ਦੋਸਤ!

ਪਰ ਤੂੰ ਹੀ ਦੱਸ,

ਕਿ ਇਸ ਸਾਹ-ਘੁੱਟਵੇਂ ਮਾਹੌਲ’ਚ

ਮੈਂ ਭਲਾ ਗੀਤ ਕਿਵੇਂ ਲਿਖ ਸਕਦਾ ਹਾਂ

ਤੇ ਤੂੰ ਭਲਾ ਕਿਵੇਂ ਗਾ ਸਕਦਾ ਹੈਂ?

ਮਮਿਆਟ:

ਆਦਮ ਆਵਾਜ਼ ਨੂੰ ਤਰਸ ਗਏ ਨੇ ਕੰਨ

ਤੇ ਚੁਪਾਸੀਂ ਸਿਰਫ਼ ਭੇਡਾਂ ਦਾ ਮਮਿਆਉਣਾ ਹੀ ਸੁਣਾਈ ਦਿੰਦਾ ਹੈ!

ਪਰ ਦੋਸਤ! ਜ਼ਰਾ ਸੋਚ ਕੇ ਦੱਸ, ਕਿ,

ਕੀ ਇਸ ਮਮਿਆਟ ਨੂੰ ਗੀਤ ਕਰਨਾ ਉਚਿਤ ਹੋਵੇਗਾ?

ਇਹ ਕਿੰਨੀ ਕੁ ਚੰਗੀ ਗੱਲ ਹੋਵੇਗੀ?

ਤੇ ਕਿੰਨੀ ਕੁ ਸਿਆਣਪ?

ਕੀ ਅਜਿਹਾ ਕੋਈ ਵੀ ਗੀਤ, ਭੇਡਾਂ ਨੂੰ

ਹੋਰ ਨਮੋਸ਼ ਨਹੀ ਕਰੇਗਾ?

ਇਨ੍ਹਾਂ ਦੀ ਲ਼ਾਚਾਰਗੀ ਦੇ ਅਹਿਸਾਸ’ਚ ਹੋਰ ਵਾਧਾ ਨਹੀਂ ਕਰੇਗਾ?

ਤੇ ਕੀ ਇਹ ਘੋਰ ਅਨਿਆਂ ਨਹੀਂ ਹੋਵੇਗਾ

ਇਹਨਾਂ ਜੂਨ-ਕਟੀ ਕਰ ਰਹੇ

ਬੇ-ਜ਼ੁਬਾਨ ਜੀਵਾਂ ਦੇ ਨਾਲ?

ਸਰਕਾਰੀ ਸੂਚਨਾ:

ਇਹ ਨਿਰੀ ਅਫ਼ਵਾਹ ਹੈ, ਕਿ

ਮਾਹੌਲ ਸਾਹ-ਘੁੱਟਵਾਂ ਹੈ।

ਮਾਹੌਲ ਤਾਂ ਬਿਲਕੁੱਲ ਠੀਕ, ਤੇ

ਪੂਰਨ ਰੂਪ’ਚ ਸੁਖਾਵਾਂ ਹੈ।

ਤੁਸੀਂ ਨਿਡਰ ਹੋ ਕੇ ਸਾਹ ਲਵੋ!

ਅਸਲੋਂ ਨਿਰਭੀਕ ਹੋ ਕੇ!

ਮਹਿਜ਼ ਤੁਹਾਡੇ ਸਾਹ ਲੈਣ ਦੀ

ਆਵਾਜ਼ ਨਹੀ ਆਉਣੀ ਚਾਹੀਦੀ

ਬਸ, ਇਹ ਖਿਆਲ ਰਹੇ।

ਸਾਹ ਲੈਣ ਦੀ ਜਾਂ ਨਾ ਲੈਣ ਦੀ

ਤੁਹਾਨੂੰ ਪੂਰੀ ਆਜ਼ਾਦੀ ਹੈ।

(ਤੇ ਕਿਰਪਾ ਕਰਕੇ ਅਫ਼ਵਾਹਾਂ’ਤੇ ਗ਼ੌਰ ਨਾ ਕਰੋ)

ਐਡੀਟੋਰੀਅਲ:

ਸਾਰੇ ਹੀ ਐਡੀਟੋਰੀਅਲ ਇਕ-ਮੱਤ ਹਨ, ਕਿ ਜੇਕਰ

ਤੰਤਰ ਦੇ ਨੌਜਵਾਨੀਕਰਨ ਦੀ ਮੁਹਿੰਮ ਤਹਿਤ

ਪਿਉ-ਬਘਿਆੜ, ਪੁੱਤ-ਬਘਿਆੜ ਦੀ ਤਾਜ਼ਪੋਸ਼ੀ ਕਰ

ਸ਼ਿਕਾਰ ਦੇ ਸਾਰੇ ਬਣਦੇ ਅਖ਼ਤਿਆਰ

ਸਰਕਾਰੀ ਮੋਹਰ ਹੇਠ

ਪੁੱਤ ਨੂੰ ਸੌਂਪ ਦਏ, ਤਾਂ

ਵਾੜੇ ਦੀਆਂ ਭੇਡਾਂ-ਬਕਰੀਆਂ ਦਾ, ਇਸਨੂੰ

ਪਰਿਵਾਰਵਾਦ ਜਾਂ ਕੁਨਬਾਪ੍ਰਸਤੀ ਕਹਿਣਾ, ਤੇ ਭੰਡਣਾਂ

ਕਿਸੇ ਵੀ ਬੱਕਰਤੰਤਰੀ-ਭੇਡਤੰਤਰੀ ਪਰਿਭਾਸ਼ਾ ਹੇਠ

ਹਰਗਿਜ਼-ਹਰਗਿਜ਼ ਜਾਇਜ਼ ਨਹੀਂ।

ਲਵਾਰਸ ਲਾਸ਼ਾਂ:

ਚੌਂਕਾਂ, ਰਸਤਿਆਂ ਦੀ ਭੀੜ ਬਣੇ, ਬੇਸ਼ੁਮਾਰ

ਲਵਾਰਸ ਲਾਸ਼ਾਂ ਜਿਹੇ ਲੋਕ

ਜਿਨ੍ਹਾਂ ਦੀ ਅਣਖ ਤੇ ਅੰਤਰਆਤਮਾ

ਵਰ੍ਹਿਆਂ-ਦਹਾਕਿਆਂ ਤੋਂ ਖ਼ਾਮੋਸ਼, ਦੱੜ-ਵੱਟ

ਜ਼ਮਾਨਾ-ਕਟੀ ਕਰ ਰਹੀ ਹੈ

ਤੇ ਜੋ ਹੁਣ ਤੱਕ ਬੇਸੁਰਤ, ਬੇਸੁੱਧ ਹੀ ਰਹੀ ਹੈ

ਜੇਕਰ ਕਦਾਈਂ ਬੋਲਣ ਦਾ ਹੀਆ ਕਰ ਵੀ ਲੈਂਦੀ ਹੈ

ਤਾਂ ਇਨ੍ਹਾਂ ਮਰਜੀਵੜਿਆਂ ਨੂੰ, ਆਪਣੇ ਅੰਦਰ

ਇਕ ਅਜੀਬ ਗਿਜਗਿਜੇਪਣ ਦਾ

ਅਹਿਸਾਸ ਹੋਣ ਲੱਗ ਜਾਂਦਾ ਹੈ

ਤੇ ਇਕ ਨਾਪਾਕ ਘੇਰ, ਇਹਨਾਂ ਦੇ

ਸਿਰਾਂ ਨੂੰ ਚੜਣ ਲੱਗਦੀ ਹੈ, ਤੇ

ਇਹ ਸੰਘ’ਚ ਉਂਗਲਾਂ ਪਾ

ਇਸ ਗਿਜਗਿਜੇਪਣ ਨੂੰ

ਭਰੇ ਚੌਂਕ, ਭਰੇ ਰਸਤੇ ਵਿਚ ਹੀ

ਉਲਟ ਦੇਣਾ ਚਾਹੁੰਦੇ ਹਨ

ਤੇ ਜਲਦ ਤੋਂ ਜਲਦ

ਛੁਟਕਾਰਾ ਪਾ ਲੈਣਾ ਚਾਹੁੰਦੇ ਹਨ

ਇਸਦੇ ਮਾਰੂ ਅਹਿਸਾਸ ਤੋਂ।

ਸਰਾਪਿਆ ਸਮਾਂ:

ਹੁਣ ਤੂੰ ਹੀ ਦੱਸ ਐ ਦੋਸਤ!, ਕਿ

ਕੀ ਅਜਿਹੇ ਗਿਜਗਿਜੇ ਮਾਹੌਲ ਵਿਚ

ਨਵੇਂ ਗੀਤ ਰਚੇ ਜਾ ਸਕਦੇ ਹਨ?

ਸਗੋਂ ਅਜਿਹੇ ਸਰਾਪੇ ਸਮਿਆਂ ਵਿਚ ਤਾਂ

ਸਥਾਪਿਤ ਲੋਕਗੀਤ ਵੀ

ਇਕ-ਇਕ ਕਰਕੇ

ਵਿਧਾਨ-ਪਾਲਿਕਾ ਸਕੱਤਰੇਤ ਦੀ

ਸਿਖਰਲੀ ਮੰਜ਼ਿਲ ਤੋਂ ਕੁੱਦ

ਖ਼ੁਦਕੁਸ਼ੀ ਕਰ ਲੈਂਦੇ ਹਨ।

ਮੂਕਦਰਸ਼ਤਾ:

ਐ ਦੋਸਤ!

ਕੀ ਤੂੰ ਸਚਮੁੱਚ ਨਹੀਂ ਜਾਣਦਾ,

ਕਿ ਤੂੰ ਤੇ ਮੈਂ,

ਆਪਾਂ ਦੋਵੇਂ ਹੀ

ਯੁੱਗਾਂ ਦੀ ਇਸ ਮੂਕਦਰਸ਼ਤਾ ਵਿਚ

ਬਰਾਬਰ ਦੇ ਭਾਗੀਦਾਰ ਰਹੇ ਹਾਂ, ਤੇ

ਗੁੰਮਨਾਮੀਆਂ ਹੰਢਾਂਉਣ, ਗੁੰਮਨਾਮੀਆਂ ਜੀਊਣ ਦੇ

ਆਦੀ ਹੋ ਚੁੱਕੇ ਹਾਂ!

ਗਿਰਵੀ ਬਿੰਬ:

ਐ ਦੋਸਤ!

ਕੀ ਤੂੰ ਇਸ ਗੱਲੋਂ ਵੀ

ਵਾਕਿਆ ਹੀ ਅਨਜਾਣ ਹੈਂ

ਕਿ ਸਮੇਂ ਕੋਲ, ਸਾਡੇ ਬਿੰਬ

ਸਦੀਆਂ ਤੋਂ ਗਿਰਵੀ ਪਏ ਹਨ

ਤੇ ਸਾਡੇ ਬੋਲ, ਸਾਡੇ ਸ਼ਬਦ ਤਾਂ

ਕਦੋਂ ਦੇ, ਕੁੱਖਾਂ ਤੀਕ ਸਰਾਪ ਗਏ ਹਨ

ਮੇਰੇ ਵਰਗਿਓ:

ਤੇ ਮੇਰੇ ਵਰਗਿਓ!

ਰਤਾ ਇਹ ਯਾਦ ਰੱਖਣਾ

ਕਿ ਗਿਰਵੀ ਧਰੇ ਬਿੰਬ, ਕਦੀ

ਕਿਸੇ ਨਵੇਂ ਗੀਤ ਨੂੰ ਜਨਮ ਨਹੀਂ ਦੇ ਸਕਦੇ

ਨਾ ਹੀ ਸਰਾਪ ਗਏ ਸ਼ਬਦ-ਬੋਲ ਕਦੀ

ਗੀਤ ਹੀ ਬਣਦੇ ਨੇ

ਤੇ ਨਾ ਹੀ ਲੀਰਾਂ ਹੋਏ ਖੇਤਾਂ ਵਿਚ, ਕਦੇ

ਗੀਤ ਹੀ ਉੱਗਿਆ ਕਰਦੇ ਨੇ।

ਤਵੱਕੋ:

ਤੂੰ ਮੇਰੇ ਤੋਂ ਨਵੇਂ ਗੀਤ ਦੀ ਤਵੱਕੋ ਰੱਖਦਾ ਹੈਂ, ਮੇਰੇ ਦੋਸਤ!

ਪਰ ਤੂੰ ਹੀ ਦੱਸ

ਕਿ ਅਜਿਹੇ ਸਾਹ-ਘੁੱਟਵੇਂ ਮਾਹੌਲ’ਚ

ਮੈਂ ਭਲਾ ਗੀਤ ਕਿਵੇਂ ਲਿਖ ਸਕਦਾ ਹਾਂ

ਤੇ ਤੂੰ ਭਲਾ ਕਿਵੇਂ ਗਾ ਸਕਦਾ ਹੈਂ?

ਜ਼ਰਾ ਸੋਚ ਕੇ ਦੱਸ!

-ਸਮਰਬਲਦੇਵ ਧਾਲੀਵਾਲ

ਮਿੱਠੜੇ ਬੁੱਲ੍ਹਾਂ ਵਾਲੀ ਮਹਿਬੂਬਾ

ਮਿੱਠੜੇ ਬੁੱਲ੍ਹਾਂ ਵਾਲੀ ਮਹਿਬੂਬਾ
=================
ਮੈਂ ਤੈਂਨੂੰ ਆਪਣਾ ਗੀਤ ਬਣਾਉਣਾ ਲੋਚਦਾ ਹਾਂ
ਐ ਮੇਰੀ! ਮਿੱਠੜੇ ਬੁੱਲ੍ਹਾਂ ਵਾਲੀ ਮਹਿਬੂਬਾ
ਤੇਰੀ ਹਰ ਮਲੂਕ ਨਾਜ਼ੋ-ਅਦਾ ਨੂੰ
ਸਮੇਟਣਾ ਚਾਹੁੰਦਾ ਹਾਂ
ਆਪਣੀ ਕਵਿਤਾ ਵਿਚ

ਯਾਦ ਹੈ ਤੈਨੂੰ?
ਤਾਰਿਆਂ ਭਰੀ ਠੰਡੀ-ਮਿੱਠੜੀ ਰਾਤ ਦਾ
ਆਪਣਾ ਪਹਿਲਾ ਮਿਲਣ?
ਤੂੰ ਕਿਵੇਂ, ਤਮਾਮ ਰਾਤ
ਭਰੇ ਹੋਏ ਦਰਿਆ ਵਾਂਗ, ਵਲ ਖਾਂਦੀ
ਕਦੀ ਨੇੜੇ, ਕਦੀ ਦੂਰ ਹੁੰਦੀ ਰਹੀ।
ਕਿਵੇਂ ਆਪਣੇ ਆਪ’ਚ
ਸਹਿਮ-ਸੁੰਗੜ ਰਹੀ ਸੈਂ ਤੂੰ।
ਜਿਵੇਂ ਕੋਈ ਨਵ-ਅੰਕੁਰਿਤ ਬੀਜ
ਮੁੜ ਧਰਤੀ ਦੀਆਂ ਗਹਿਰਾਈਆਂ’ਚ
ਉਤਰ ਜਾਣਾ ਲੋਚਦਾ ਹੋਵੇ।
ਜਿਵੇਂ ਦਰੱਖਤ ਨਾਲ ਲਿਪਟੀ ਵੇਲ
ਦਰਖਤ ਦੇ ਅੰਦਰ
ਸਮਾ ਜਾਣਾ ਲੋਚਦੀ ਹੋਵੇ।

ਯਾਦ ਹੈ ਮੈਨੂੰ
ਕਿ ਕਿਵੇਂ ਮੇਰੀ ਪਹਿਲੀ ਛੂਹ ਨਾਲ
ਤੇਰਾ ਚਿਹਰਾ, ਰੁੱਤਾਂ ਦੇ ਬਦਲਣ ਵਾਂਗ
ਕੇਸੂਏ ਰੰਗ ਦਾ ਹੋ ਗਿਆ ਸੀ।

ਪਰ ਉਸ ਰਾਤ ਸਮਾਂ
ਸਾਡੇ ਨਾਲ ਵੈਰ ਨਿਭਾ ਰਿਹਾ ਸੀ
ਤੇ ਘੜੀ ਦੀਆਂ ਸੂਈਆਂ
ਭੂਤਰੇ ਸਾਨ੍ਹਾਂ ਵਾਂਗ
ਇਕ ਦੂਜੇ ਦਾ ਪਿੱਛਾ ਕਰ ਰਹੀਆਂ ਸਨ।
ਮੈਂ ਉਸ ਰਾਤ ਦੇ
ਹਰ ਇਕ ਪਲ ਨੂੰ
ਡੀਕ ਜਾਣਾ ਚਾਹੁੰਦਾ ਸਾਂ
ਤੇ ਉਤਾਰ ਲੈਣਾ ਚਾਹੁੰਦਾਂ ਸਾਂ ਤੈਨੂੰ
ਆਪਣੇ ਵਜੂਦ ਦੀਆਂ
ਅੰਤਰੀਵ ਗਹਿਰਾਈਆਂ ਤੱਕ

ਮੈਂ ਤੈਨੂੰ, ਅੱਜ ਵੀ
ਆਪਣਾ ਗੀਤ ਬਣਾਉਣਾ ਲੋਚਦਾ ਹਾਂ
ਐ ਮੇਰੀ! ਮਿੱਠੜੇ ਬੁੱਲ੍ਹਾਂ ਵਾਲੀ ਮਹਿਬੂਬਾ।

-ਸਮਰਬਲਦੇਵ ਧਾਲੀਵਾਲ

ਅ ਸਾਇਲੰਟ ਵਿਸ੍ਹਪਰ

ਅ ਸਾਇਲੰਟ ਵਿਸ੍ਹਪਰ

=============

ਮੁੜ ਉਤਰ ਆਈ, ਕਾਲੀ

ਹਨੇਰ ਸੰਘਣੀਂ ਰਾਤ

ਫ਼ਿਰ ਮੌਤ ਦੀ ਘੂਕਰ

ਸੁੱਤਾ ਹੈ ਸਾਰਾ ਸ਼ਹਿਰ

ਅੱਜ ਫ਼ਿਰ ਹੈ, ਚੁਣੀਂਦਾ

ਗਲੀਆਂ’ਚੋਂ ਗੁਜ਼ਰਨ ਦੀ ਮਨਾਹੀ

ਤੇ ਸ਼ਹਿਰ ਦੀ ਇਕ,

ਅਣਹੋਈ ਨੁੱਕਰੇ,

ਨਵ-ਉਦਘਾਟਣੇ ਪੁੱਲ ਹੇਠ, ਪਲ-ਪਲ

ਗੂੜ੍ਹੀ ਹੋ ਰਹੀ

ਸਦੀਆਂ ਦੀ ਭੁੱਖ ਤੇ ਪਿਆਸ

ਤੇ ਨਾਲ ਹੀ

ਰਚੀ ਜਾ ਰਹੀ, ਕਿਧਰੇ,

‘ਨ੍ਹੇਰੇ ਦੇ ਗਰਭ’ਚੋਂ, ਸੂਰਜ

ਚੋਰੀ ਕਰਨ ਦੀ ਸਾਜਿਸ਼

ਤੇ ਚੱਲ ਰਹੀ ਨਾਲ ਹੀ

ਭੁੱਖ ਤੇਹ ਦੇ ਅੰਤ ਦੀ

ਅੱਲ੍ਹੜ-ਬੱਲ੍ਹੜੀ ਗੱਲ ਕਿਧਰੇ

ਕਿ ਯੁੱਗਾਂ’ਤੋਂ ਪਥਰਾਏ ਕੰਨ

ਸੁਣਦੇ ਨੇ, ਅਚਾਨਕ,

ਇਹ ਸਾਜਿਸ਼ੀ ਫ਼ੁਸਫ਼ੁਸਾਹਟ,

‘ਕਿ ਕਿਉਂ ਨਾ ਅੱਜ, ਲੱਗਦੇ ਹੱਥ,

ਸਮੇਂ ਦੀ ਮਰਦਾਨਗੀ ਨੂੰ ਵੀ

ਪਰਖ ਲਿਆ ਜਾਵੇ।’

 

-ਸਮਰਬਲਦੇਵ ਧਾਲੀਵਾਲ

ਆਦਿ-ਜੁਗਾਦਿ

ਆਦਿ-ਜੁਗਾਦਿ

=======

ਵਰਤਮਾਨੋਂ ਗੁਜ਼ਰ

ਕਾਲ ਬਦਲਦਿਆਂ ਹੀ

ਸਮਾਂ

ਬੇਸ਼ੁਮਾਰ ਅਣੂਆਂ-ਪਰਮਾਣੂਆਂ’ਚ ਵਿਸਫੋਟਿਤ ਹੋ

ਉਸਦੇ ਝੁੱਰੜਾਏ ਮੱਥੀਂ ਪ੍ਰਵੇਸ਼ ਕਰ

ਕਾਲ ਮੁਕਤ ਹੋ ਜਾਂਦਾ ਹੈ

ਤੇ ਉਸਦੀ ਥਾਏਂ ਖੜੋਤੀ

ਕਾਲਬੱਧ ਹਸਤੀ

ਹੋਣ ਦਾ ਅੰਤਹੀਣ ਸਰਾਪ ਹੰਢਾਂਉਂਦੀ

ਇਸ ਕੁਲਹਿਣੀ ਅਸਤੱਤਵੀ ਪੀੜ ਨੂੰ

ਜਿਵੇਂ-ਤਿਵੇਂ

ਵਜੂਦ ਦੀ ਹਰ ਨੁੱਕਰੇ ਸਮੋਅ

ਆਦਿ ਤੇ ਜੁਗਾਦਿ ਦਾ

ਆਪਣੇ ਹੀ ਅੰਦਰ

ਨਿਰਮਾਣ ਕਰਦੀ ਹੈ।

 

-ਸਮਰਬਲਦੇਵ ਧਾਲੀਵਾਲ

ਇਤਿਹਾਸ ਸੂੰਦਾ ਹੈ

ਇਤਿਹਾਸ ਸੂੰਦਾ ਹੈ

========

ਇਤਿਹਾਸ ਸੂੰਦਾ ਹੈ

ਸਮਾਂ ਸੁੰਗੜ੍ਹਦਾ ਤੇ ਫ਼ੈਲਦਾ ਹੈ

ਵਿਚਾਰ ਜਗ੍ਹਾ ਘੇਰਦੇ ਹਨ

ਤੇ ਸੱਚ ਵਾਂਗਰਾਂ, ਝੂਠ ਦਾ ਵੀ

ਇਕ ਸੀਮਿਤ ਖੇਤਰਫ਼ਲ ਹੀ ਹੁੰਦਾ ਹੈ।

 

ਸੱਚ ਦੱਸਣਾ!

ਤੁਹਾਨੂੰ ਕਿਉਂ ਲੱਗਿਆ, ਕਿ ਅੱਜ

ਪਰਸਰਾਮ ਦੇ ਕੁਹਾੜੇ ਦੀ ਗਾਥਾ

ਮੁੱੜ ਦੁਹਰਾਈ ਜਾਵੇਗੀ?

ਆਖਰ ਕਿਹੜੀ ਚੀਜ਼,

ਖ਼ੌਫ਼ਜ਼ਦ,

ਕਰ ਰਹੀ ਹੈ ਤੁਹਾਨੂੰ?

ਸੱਚ ਦੱਸਣਾ!

 

ਪਰ ਕਿਉਂ ਨਹੀਂ ਸੋਚਿਆ ਤੁਸੀਂ

ਉਸ ਵੇਲੇ, ਕਿ

ਯਾਤਨਾ ਕੇਂਦਰਾਂ’ਚ ਤੜਪੇ

ਇਨਸਾਨੀ ਮਾਸ ਦੀ ਚੀਕ

ਇਕ-ਨਾ-ਇਕ ਦਿਨ

ਗੰਧਕੀ ਅਮਲ ਦੇ

ਨੱਕ-ਸਾੜਵੇਂ ਮੁੱਸ਼ਕ ਦੀ ਤਰ੍ਹਾਂ,

ਹਵਾ’ਤੇ,

ਇਸ ਅਸ਼ਲੀਲਤਾ ਨਾਲ ਤੈਰੇਗੀ

ਕਿ ਤੁਹਾਡੇ ਸਾਰੇ ਤਰਕ-ਕੁਤਰਕ

ਬੇਮਾਅਣੀ ਹੋ ਜਾਵਣਗੇ।

 

ਸੱਚਮੁਚ!

ਉਹ, ਕਿੰਨੀਂ ਹੀ ਦੇਰ

ਤੁਹਾਡੀਆਂ ਸੁੱਰਖ ਅੱਖਾਂ ਅੱਗੇ

ਲਾਟੂ ਬਾਲਦੇ ਰਹੇ

ਤੇ ਪਤਾ ਨਹੀਂ ਹੋਰ ਕਿੰਨੀਂ ਹੀ ਦੇਰ

ਉਹਨਾਂ, ਤੁਹਾਡੀਆਂ ਅੱਖਾਂ ਅੱਗੇ

ਮੋਮਬੱਤੀਆਂ ਵੀ ਨੱਚਾਈਆਂ

ਪਰ ਤੁਹਾਡੀਆਂ ਅੱਖਾਂ’ਚ

ਉਸ ਵੇਲੇ

ਲਹੂ ਤੇਹ ਦਾ

ਮੋਤੀਆ ਉਤਰਿਆ ਹੋਇਆ ਸੀ

ਤੇ ਤੁਸੀਂ ਨਾ ਟਲੇ

ਤੇ ਤਵਾਰੀਖ ਨਾਲ

ਦਹਾਕਿਆਂ-ਬੱਧ

ਬਦਫ਼ੈਲੀਆਂ ਕਰਦੇ ਰਹੇ।

 

ਪਰ ਹੁਣ ਤੁਹਾਡਾ

ਮੇਰੇ’ਤੇ

ਇਹ ਇਲਜ਼ਾਮ ਲਾਉਣਾ

ਹਰਗਿਜ਼ ਨਹੀ ਬਣਦਾ, ਕਿ

‘ਕੁਹਾੜੇ’ ਦੀ ਗਾਥਾ

ਮੁੱੜ ਦੁਹਰਾਉਣ ਸਮੇਂ

ਸਮੇਂ ਦੇ ਗ੍ਰਨੇਡ’ਚੋਂ

ਸੇਫਟੀ ਪਿੰਨ

ਕੱਢਣ ਵਾਲਾ ਸਖ਼ਸ਼

ਅਗਰ ਮੈਂ ਨਹੀਂ

ਤਾਂ ਜ਼ਰੂਰ-ਬ-ਜ਼ਰੂਰ ਕੋਈ

ਮੇਰੇ ਮੁਹਾਂਦਰੇ ਵਾਲਾ ਹੀ ਹੋਵੇਗਾ।

 

ਕਿਉਂਕਿ, ਯਕੀਨ ਮੰਨੋਂ

ਗੱਲ ਹੁਣ, ਵਾਕਿਆ ਹੀ

ਹੱਦੋਂ, ਬੇਹੱਦ ਹੋ ਚੁੱਕੀ ਹੈ

ਕਿਉਂਕਿ ਹੁਣ

ਤੁਹਾਡੇ ਵੱਲੋਂ ਹਾਮਲਾ ਕੀਤੇ

ਇਤਿਹਾਸ ਦੇ

ਮੁੜ ਸੂਣ ਦਾ ਵੇਲਾ

ਆ ਗਿਆ ਹੈ।

ਤੇ ਹੁਣ ਰੱਬ ਖੈਰ ਕਰੇ!

ਆਮੀਨ!

 

-ਸਮਰਬਲਦੇਵ ਧਾਲੀਵਾਲ

ਸੂਰਜ ਦੀ ਬਾਤ

ਸੂਰਜ ਦੀ ਬਾਤ
=========
ਮੁਬਾਰਕ ਤੈਨੂੰ ਦੋਸਤਾ!
ਚਾਨਣੀ ਰਾਤ ਦੀਆਂ ਚਗਲਾਂ
ਮੈਂ ਤਾਂ ਕਾਲੀ ਬੋਲੀ ਰਾਤ ਤਾਈਂ
ਸੂਰਜ ਦੀ ਬਾਤ ਪਾਉਣੀ

ਹਸਰਤ ਤੇਰੀ ਜੇ
ਟਿਕੀ ਝੀਲ ਬਨਣਾ
ਰੀਝਾ ਮੇਰੀ
ਅੱਤੀਂ ਅੱਲਖ ਜਗਾਉਣੀ

ਬਸ, ਬਹੁਤ ਹੋ ਚੁੱਕੀ
ਹੋਂਦਵਾਦੀ ਮੁਸ਼ੱਕਤ
ਇਹ ਬੇ-ਮਾਇਨਗੀ, ਅਸਾਂ
ਨਾ ਹੁਣ ਹੋਰ ਹੰਢਾਉਣੀਂ।

ਪੜਪੰਚੀ ਪੈਗੰਬਰ
ਬੇ-ਮੁਸੱਲਸਲ ਮਸੀਹਾ
ਤੁਅੱਸਬੀ ਇਹ ਨਾ
ਮੈਨੂੰ ਰਾਸ ਆਉਣੀ

ਮੇਰੀ ਤੌਬਾ ਖ਼ੁਦਾ ਤੋਂ
ਐ ਖ਼ੁਦਾਵੰਦ ਲੋਕੋ!
ਹੁਣ ਬਾਕੀ ਬਚੀ
ਲੇਖੇ ਕੁਫ਼ਰਾਂ ਦੇ ਲਾਉਣੀ

ਹੋ ਦਾਇਰਿਉਂ ਮੁਕਤ
ਹਰ ਲਫ਼ਜ਼ ਮਾਣੇ ਆਜ਼ਾਦੀ
ਸ਼ਬਦਕੋਸ਼ਾਂ ਖਿਲਾਫ਼
ਐਸੀ ਸਾਜਿਸ਼ ਰਚਾਉਣੀ

ਮੁੱੜ ਹਰ ਜਾਏ
ਕੁੱਖ ਤਵਾਰੀਖ ਦੀ
ਕੋਈ ਖ਼ੁਰਾਫ਼ਾਤ ਐਸੀ
ਅਸਾਂ ਕਰ ਕੇ ਵਿਖਾਉਣੀ

ਹਸਰਤ ਤੇਰੀ ਜੇ
ਟਿਕੀ ਝੀਲ ਬਨਣਾ
ਰੀਝਾ ਮੇਰੀ
ਅੱਤੀਂ ਅਲਖ ਜਗਾਉਣੀ।

-ਸਮਰਬਲਦੇਵ ਧਾਲੀਵਾਲ

“ਮਾਇ ਨੇਮ ਇਜ਼ ਰੈੱਡ”

ਮਾਇ ਨੇਮ ਇਜ਼ ਰੈੱਡ”

==============

ਬਾਲ-ਵਰੇਸੀਂ, ਉਹ,

ਮਿੱਟੀ ਨਾਲ,

ਖੇਡਿਆ ਤਾਂ ਜ਼ਰੂਰ, ਪਰ,

ਭਗਤ ਸਿੰਘ ਵਾਂਗਰਾਂ,

ਉਸਨੇ ਕਦੀ

ਬੰਦੂਕਾਂ ਦੀ ਫ਼ਸਲ ਬੀਜਣ ਦੀ

ਨਹੀ ਸੋਚੀ।

 

ਗਭਰੇਟ-ਉਮਰੇ, ਉਹ,

ਅਨੇਕਾਂ ਸ਼ਹੀਦ ਸਮਾਰਕਾਂ’ਤੇ,

ਗਿਆ ਤਾਂ ਜ਼ਰੂਰ, ਪਰ,

ਸਰਾਭੇ ਵਾਂਗ,

ਉਸਨੂੰ ਕਦੀ,

ਲਹੂ-ਭਿੱਜੀ ਮਿੱਟੀ, ਦਵਾਤੇ ਪਾ,

ਘਰ ਲੈ ਆਉਣ ਦੀ

ਨਹੀ ਸੁੱਝੀ।

 

ਸਾਰੀ ਉਮਰਾ,

ਉਸਦੀ ਦਵਾਤ’ਚ,

(ਬਸ) ਸਿਆਹੀ ਹੀ ਰਹੀ,

ਨੀਲੇ, ਗੂੜ੍ਹੇ-ਨੀਲ਼ੇ ਰੰਗ ਦੀ ਸਿਆਹੀ।

ਤੇ ਤਾ-ਉਮਰ,

ਉਸਦੀ ਕਲਮ ਦੀ ਨੋਕੋਂ,

ਕੇਵਲ ਮਾਨਤਾ-ਪ੍ਰਾਪਤ ਅੱਖਰ ਹੀ,

ਜਨਮਦੇ ਰਹੇ।

 

ਪਰ, ਪਿਛਲੇ ਕੁਝ ਸਮੇਂ ਤੋਂ,

ਖ਼ੌਰੇ, ਕੀ ਹਾਦਸਾ ਵਰਤਿਐ,

ਉਸਦੀ ਕਲਮ ਦੇ ਨਾਲ, ਕਿ

ਰਾਤ ਦੇ ਗਹਿਰਾਉਂਦਿਆਂ ਹੀ,

ਫ਼ੁੰਕਾਰਦੇ ਸਾਜਸ਼ੀ ਹਨੇਰਿਆਂ ਵਿਚ,

ਉਸਦੇ ਪਾਏ ਅੱਖਰ, ਚਾਨਚੱਕ,

ਸਾਹ ਲੈਣ ਲੱਗ ਪੈਂਦੇ ਨੇ,

ਤੇ ਤਮਾਮ ਸ਼ਬਦਕੋਸ਼ੀ ਹੱਦਬੰਦੀਆਂ ਉਲੰਘ,

ਗੈਰ-ਮਾਨਤਾ-ਪ੍ਰਾਪਤ ਮਾਇਨੇ ਧਾਰਨ ਕਰ,

ਸ਼ਬਦਕੋਸ਼ਾਂ ਖਿਲਾਫ਼,

ਖੁੱਲੀ-ਬਗਾਵਤ ਦਾ

ਐਲਾਨ ਕਰਦੇ ਨੇ।

 

ਇਸ ਬਗਾਵਤੀ ਉਨਮਾਦ’ਚ,

ਉਹਨਾਂ ਦਾ,

ਰੰਗ ਵੀ ਬਦਲਣ ਲੱਗਦੈ,

ਤੇ ਉਹ, ਨੀਲਿਓਂ

ਲਾਲ ਹੋਣ ਲੱਗ ਪੈਂਦੇ ਨੇ।

ਲਾਲ,

ਸੁਰਖ-ਲਾਲ,

ਬਿਲਕੁਲ, ਚਿਉਂਦੇ

ਲਹੂ ਦੇ ਰੰਗ ਦੇ।

-ਸਮਰਬਲਦੇਵ ਧਾਲੀਵਾਲ

ਮੈਂ ਵੀ ਸਿੱਸੀਫ਼ਸ

ਮੈਂ ਵੀ ਸਿੱਸੀਫ਼ਸ

—————–

ਦਸੇਂਅਨ ਦੀ,

ਇਸ ਵਰਜਿਤ ਜੂਨੇ,

ਹੋਣ-ਦਾ-ਸਿਸੀਫ਼ਸੀ-ਸੰਤਾਪ ਹੰਢਾਂਉਂਦਿਆਂ,

ਮੈਂ, ਹਰ ਰੋਜ਼,

ਹੋਂਦ ਦਾ ਇਹ ਬੇਲੋੜ ਪੱਥਰ,

ਇਸ ਤੱਤਵ-ਵਿਹੀਨ

ਅੱਸਤੱਤਵੀ ਪਹਾੜ ਦੀ ਟੀਸੀ ਪੁਚਾਉਂਦਾ

ਮੁੜ ਹੇਠਾਂ ਰਿੜ੍ਹ ਆਉਣ ਵਾਸਤੇ!

ਪਰ ਕਿਉਂ!!

ਇਕ ਬੇਲੋੜੀ

ਹੋਂਦਵਾਦੀ ਮੁਸ਼ੱਕਤ

ਮਹਿਜ਼ ਹੋਣ-ਦਾ-ਠਰਕ

ਪੂਰਨ ਲਈ?

ਪਰ ਕਿਉਂ??

-ਸਮਰਬਲਦੇਵ ਧਾਲੀਵਾਲ

« Older entries

Follow

Get every new post delivered to your Inbox.